
ਢੱਡਰੀਆਂ ਵਾਲੇ ਖਿਲਾਫ ਬਲਾਤਕਾਰ ਤੇ ਕਤਲ ਕੇਸ ਦੀ ਜਾਂਚ ਪੂਰੀ, ਹਾਈਕੋਰਟ ਪਹੁੰਚੀ ਰਿਪੋਰਟ
22 ਮਈ 2025
ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਐੱਸਆਈਟੀ ਨੇ ਪੂਰੀ ਕਰ ਲਈ ਹੈ। ਟੀਮ ਨੇ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। ਲਗਭਗ ਇਕ ਸਾਲ ਪਹਿਲਾਂ, ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ, ਪਟਿਆਲਾ ਪੁਲਿਸ ਨੇ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਵਿਸ਼ੇਸ਼ ਜਾਂਚ ਟੀਮ ਵਿੱਚ ਐਸਪੀ ਪੀਬੀਆਈ ਸਵਰਨਜੀਤ ਕੌਰ, ਥਾਣਾ ਪਸਿਆਣਾ ਇੰਚਾਰਜ ਅਜੇ ਪਰੋਚਾ ਅਤੇ ਡੀਐਸਪੀ ਸਮਾਣਾ ਜੀਐਸ ਸਿਕੰਦ ਸ਼ਾਮਲ ਸਨ। ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਜਾਂਚ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 2012 ਦਾ ਹੈ, ਅਤੇ ਕਰਨਾਲ ਦੀ ਇੱਕ 22 ਸਾਲਾ ਲੜਕੀ ਦੀ ਮੌਤ ਤੋਂ ਬਾਅਦ, ਪਰਿਵਾਰ ਨੇ ਦੋਸ਼ ਲਗਾਏ ਸਨ। ਪਰਿਵਾਰ ਦਾ ਦੋਸ਼ ਸੀ ਕਿ ਇਹ ਲੜਕੀ ਆਪਣੇ ਪਰਿਵਾਰ ਨਾਲ ਪਰਮੇਸ਼ਵਰ ਦੁਆਰ ਗਈ ਸੀ ਤੇ 22 ਅਪ੍ਰੈਲ 2012 ਨੂੰ ਮ੍ਰਿਤਕ ਪਾਈ ਗਈ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਪਰਮੇਸ਼ਵਰ ਦੁਆਰ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਲੜਕੀ ਦੀ ਮੌਤ ਇਮਾਰਤ ਦੇ ਬਾਹਰ ਹੋਈ ਸੀ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਉਸ ਸਮੇਂ ਦੇਸ਼ ਤੋਂ ਬਾਹਰ ਸਨ। ਬਾਅਦ ਵਿੱਚ, ਪੀੜਤ ਪਰਿਵਾਰ ਦੇ ਮੈਂਬਰਾਂ ਦੁਆਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਰਣਜੀਤ ਸਿੰਘ ਢੱਡਰੀਆਂਵਾਲੇ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਸਨ। ਪੰਜਾਬ ਹਰਿਆਣਾ ਹਾਈ ਕੋਰਟ ਨੇ 24 ਮਈ 2012 ਨੂੰ ਸ਼ਿਕਾਇਤਕਰਤਾ ਦੁਆਰਾ ਦਿੱਤੀ ਗਈ ਪਹਿਲੀ ਜਾਣਕਾਰੀ ਦੇ ਆਧਾਰ ‘ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਸਾਲ 2024 ਵਿੱਚ ਧਰਾਵਾਂ ਵਿਚ ਵਾਧਾ ਕੀਤਾ ਗਿਆ ਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ।
ਕੌਣ ਹਨ ਰਣਜੀਤ ਸਿੰਘ ਢੱਡਰੀਆਂ ਵਾਲੇ?
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਈ ਵਾਰ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆ ‘ਚ ਰਹੇ ਹਨ ਤੇ ਇੱਕ ਵਾਰ ਉਨਾਂ ਦੇ ਕਾਰ ‘ਤੇ ਜਾਨਲੇਵਾ ਹਮਲਾ ਵੀ ਹੋਇਆ ਸੀ ਜਿਸ ‘ਚ ਉਨਾਂ ਦੇ ਇਕ ਸਾਥੀ ਦੀ ਮੌਤ ਹੋ ਗਈ ਸੀ ਤੇ ਹੁਣ ਇਹ ਨਵਾਂ ਮਾਮਲਾ ਉਹਨਾਂ ਨਾਲ ਜੁੜ ਗਿਆ ਜਿਸਤੋਂ ਬਾਅਦ ਉਹਨਾਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਹਨ ਤੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਤੇ ਖਿਮਾ ਜਾਚਨਾ ਕੀਤੀ ਜਿਸ ਤੋਂ ਮਗਰੋਂ ਪੰਜ ਸਿੰਘ ਸਹਿਬਾਨਾਂ ਨੇ ਉਸਨੂੰ ਪ੍ਰਵਾਨ ਕਰ ਲਿਆ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੁਆਫੀ ਦੇ ਦਿੱਤੀ ਗਈ। ਰਣਜੀਤ ਸਿੰਘ ਢੱਡਰੀਆਂ ਵਾਲੇ ਅੰਤਰ ਰਾਸ਼ਟਰੀ ਤੌਰ ‘ਤੇ ਇੱਕ ਚੰਗੇ ਸਿੱਖ ਪ੍ਰਚਾਰਕ ਦੇ ਤੌਰ ‘ਤੇ ਜਾਣੇ ਜਾਂਦੇ ਹਨ ਤੇ ਉਹ ਅਕਸਰ ਆਪਣੇ ਦੀਵਾਨਾਂ ‘ਚ ਤਰਕ ਦਾ ਵੀ ਪ੍ਰਯੋਗ ਕਰਦੇ ਹਨ ਤਾਂ ਜੋ ਹਰ ਗੱਲ ਸੰਗਤ ਨੂੰ ਸੌਖੇ ਸ਼ਬਦਾਂ ‘ਚ ਸਮਝਾਈ ਜਾ ਸਕੇ।
ਢੱਡਰੀਆਂ ਵਾਲੇ ਖਿਲਾਫ ਬਲਾਤਕਾਰ ਤੇ ਕਤਲ ਕੇਸ ਦੀ ਜਾਂਚ ਪੂਰੀ, ਹਾਈਕੋਰਟ ਪਹੁੰਚੀ ਰਿਪੋਰਟ
Post Comment