
ਲਓ ਜੀ ਹਰਿਆਣੇ ਚੱਲਿਆ ਪੰਜਾਬ ਦਾ ਪਾਣੀ, ਰਾਜਸਥਾਨ ਤੋਂ ਬਾਅਦ ਹਰਿਆਣੇ ਦੀ ਵਾਰੀ!
11 ਮਈ 2025
ਵਾਧੂ ਪਾਣੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹਨ। ਉੱਥੇ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੀ ਤਿਆਰੀ ਕਸ ਲਈ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਨਸ਼ਰ ਹੋ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਦਾਲਤ ਦੇ 6 ਮਈ ਦੇ ਹੁਕਮਾਂ ਨੂੰ ਕਿਧਰੇ ਚੁਣੌਤੀ ਨਹੀਂ ਦਿੱਤੀ ਗਈ ਤਾਂ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਅਦਾਲਤ ਨੇ ਕੇਂਦਰੀ ਗ੍ਰਹਿ ਸਕੱਤਰ ਦੀ 2 ਮਈ ਦੀ ਮੀਟਿੰਗ ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ ਸੀ। ਜਿਸ ਤਹਿਤ ਹਰਿਆਣੇ ਨੂੰ 4500 ਕਿਊਸਿਕ ਵਾਧੂ ਪਾਣੀ ਛੱਡਿਆ ਜਾਣਾ ਹੈ। ਹਾਈਕੋਰਟ ਦੇ ਤਾਜ਼ਾ ਫੈਸਲੇ ਮਗਰੋਂ BBMB ਨੇ ਦੇਰ ਸ਼ਾਮ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਅਤੇ ਪਾਣੀ ਛੱਡਣ ਦੇ ਸ਼ਡਿਊਲ ਵਗੈਰਾ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ।
ਲਓ ਜੀ ਹਰਿਆਣੇ ਚੱਲਿਆ ਪੰਜਾਬ ਦਾ ਪਾਣੀ, ਰਾਜਸਥਾਨ ਤੋਂ ਬਾਅਦ ਹਰਿਆਣੇ ਦੀ ਵਾਰੀ!
ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ?
ਉਧਰ ਪੰਜਾਬ ਸਰਕਾਰ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਕਿਉਂਕਿ ਹਾਲੇ ਤੱਕ ਸਰਕਾਰ ਨੇ 6 ਮਈ ਦੇ ਫੈਸਲੇ ਨੂੰ ਕਿਧਰੇ ਵੀ ਚੁਣੌਤੀ ਨਹੀਂ ਦਿੱਤੀ ਗਈ। ਐਡਵੋਕੇਟ ਜਨਰਲ ਦਫਤਰ ਵੱਲੋਂ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਲਿਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਬਾਬਤ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ। ਹਾਈਕੋਰਟ ਨੇ ਫੈਸਲੇ ‘ਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਅਧਿਕਾਰੀਆਂ ਦੇ ਨਾਮ ਨਸ਼ਰ ਕੀਤੇ ਜਾਣ ਜਿਹੜੇ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੇ ਰਾਹ ਦੇ ਵਿੱਚ ਅੜੀਕਾ ਬਣੇ ਹੋਏ ਹਨ ਤੇ ਨੰਗਲ ਡੈਮ ਦੇ ਸੰਚਾਲਨ ਵਿੱਚ ਦਖਲਦਾਜੀ ਕੀਤੀ ਹੈ। ਇਨਾ ਉੱਚ ਅਧਿਕਾਰੀਆਂ ਨੂੰ ਦੋ ਹਫਤੇ ਦਾ ਸਮਾਂ ਦਿੱਤਾ ਹੈ ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ 28 ਮਈ ਨੂੰ ਹੋਵੇਗੀ।
ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਕਿ ਇਸੇ ਇਲਾਕੇ ਨਾਲ ਸਬੰਧਿਤ ਹਨ ਜਿੱਥੇ ਕਿ ਨੰਗਲ ਡੈਮ ਹੈ ਉਹ ਅੱਜ ਫਿਰ ਉੱਥੇ ਪਹੁੰਚ ਚੁੱਕੇ ਹਨ ਕਿਉਂਕਿ ਸਰਕਾਰ ਨੂੰ ਖਦਸ਼ਾ ਹੈ ਕਿ ਪਾਣੀ ਹਰਿਆਣੇ ਨੂੰ ਛੱਡਿਆ ਜਾ ਸਕਦਾ ਹੈ।
BBMB ਪਹਿਲਾਂ ਵੀ ਛੱਡਣ ਲੱਗਿਆ ਸੀ ਪਾਣੀ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ BBMB ਦਾ ਇੱਕ ਅਫਸਰ ਹਰਿਆਣੇ ਨੂੰ ਪਾਣੀ ਛੱਡਣ ਲੱਗਾ ਸੀ ਜਿਸ ਨੂੰ ਮੌਕੇ ‘ਤੇ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਅਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੰਗਲ ਡੈਮ ‘ਤੇ ਪਹੁੰਚੇ ਤੇ ਉੱਥੇ ਜਾਇਜ਼ਾ ਲਿਆ। ਅੱਜ ਵੀ ਹਾਲਾਤ ਜਿਉਂ ਦੇ ਤਿਉਂ ਬਰਕਰਾਰ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਕਦੋਂ ਪਟੀਸ਼ਨ ਦਾਇਰ ਕਰਦੀ ਹੈ ਤੇ ਅੱਗੇ ਪਾਣੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿੰਦਾ ਹੈ।
Post Comment