
ਹਰਿਮੰਦਰ ਸਾਹਿਬ ‘ਚ ਲਾਈਟਾਂ ਬੰਦ, ਦੇਖੋ ਕਿਵੇਂ ਪੜ੍ਹੀ ਗਈ ਗੁਰਬਾਣੀ?
ਹਰਿਮੰਦਰ ਸਾਹਿਬ ‘ਚ ਲਾਈਟਾਂ ਬੰਦ, ਦੇਖੋ ਕਿਵੇਂ ਪੜ੍ਹੀ ਗਈ ਗੁਰਬਾਣੀ?
9 ਮਈ 2025
ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਨੇ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਦੇ ਹੁਕਮਾਂ ‘ਤੇ ਕਈ ਜ਼ਿਲਿਆਂ ਦੇ ਵਿੱਚ ਬਲੈਕਆਊਟ ਦੇ ਹਾਲਾਤ ਵੀ ਬਣੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਣ ਕਾਰਨ ਹਰਿਮੰਦਰ ਸਾਹਿਬ ਦੀਆਂ ਲਾਈਟਾਂ ਵੀ ਬੰਦ ਕਰਨੀਆਂ ਪਈਆਂ ਸਨ।
54 ਸਾਲ ਬਾਅਦ ਬੰਦ ਕੀਤੀਆਂ ਲਾਈਟਾਂ
1971 ਵਿੱਚ ਹੋਈ ਜੰਗ ਮਗਰੋਂ ਲਗਭਗ 54 ਸਾਲਾਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੈਂਪਸ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ। ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਨਾਅ ਵਾਲੇ ਮਾਹੌਲ ਦੌਰਾਨ ਸ਼ਹਿਰ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਗਿਆ। ਅਤੇ ਇਸ ਦੌਰਾਨ ਸ਼ਹਿਰ ਵਿੱਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸੇ ਤਹਿਤ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਕੁਝ ਸਮੇਂ ਲਈ ਲਾਈਟਾਂ ਬੰਦ ਕੀਤੀਆਂ ਗਈਆਂ। ਰਾਤ ਲਗਭਗ 10:30 ਤੋਂ 11 ਵਜੇ ਤੱਕ ਲਾਈਟਾਂ ਬੰਦ ਰੱਖ ਕੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਹੈ। ਇਸ ਤਹਿਤ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵੀ ਪਰਿਕਰਮਾ ਵਿੱਚ ਅਤੇ ਆਲੇ-ਦੁਆਲੇ ਦੀਆਂ ਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ।
ਕੀ ਬੋਲੇ ਸ਼੍ਰੋਮਣੀ ਕਮੇਟੀ ਸਕੱਤਰ?
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਬੀਤੀ ਰਾਤ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਨਿਰਧਾਰਤ ਸਮੇਂ ਵਾਸਤੇ ਲਾਈਟਾਂ ਬੰਦ ਰੱਖੀਆਂ ਗਈਆਂ ਅਤੇ ਬਲੈਕਆਊਟ ਦੇ ਅਭਿਆਸ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੱਚਖੰਡ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਉੱਥੇ ਲਾਈਟਾਂ ਨੂੰ ਮੱਧਮ ਕਰ ਦਿੱਤਾ ਗਿਆ ਜਦੋਂ ਕਿ ਪਰਿਕਰਮਾ ਵਿੱਚ ਲਾਈਟਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਜਿਨਾਂ ਥਾਵਾਂ ਤੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਉੱਥੇ ਬਾਹਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਸ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਵੀ ਰਾਤ ਨੂੰ ਬਲੈਕਆਊਟ ਸਮੇਂ ਲਾਈਟਾਂ ਬੰਦ ਰੱਖੀਆਂ ਗਈਆਂ।
ਦਰਬਾਰ ਸਾਹਿਬ ‘ਚ ਸਾਰੀ ਰਾਤ ਜਗਦੀਆਂ ਲਾਈਟਾਂ
ਦੱਸ ਦਈਏ ਕਿ ਹਰਿਮੰਦਰ ਸਾਹਿਬ ਵਿੱਚ ਰਾਤ ਵੇਲੇ ਕਦੇ ਵੀ ਲਾਈਟਾਂ ਬੰਦ ਨਹੀਂ ਹੋਈਆਂ ਰਾਤ ਵੇਲੇ ਇੱਥੇ ਲਾਈਟਾਂ ਦੀ ਜਗਮਗ ਸਦਕਾ ਹੀ ਇਸ ਸਥਾਨ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਤੇ ਹਰਿਮੰਦਰ ਸਾਹਿਬ ਦੇ ਵਿੱਚ ਕੇਵਲ ਭਾਰਤ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੱਤ ਮਸਤਕ ਹੁੰਦੇ ਹਨ।
Post Comment