
ਨਿੱਜੀ ਚੈਨਲ ਵੱਲੋਂ ਮੂਸੇਵਾਲੇ ‘ਤੇ ਬਣਾਈ ਗਈ ਡਾਕੂਮੈਂਟਰੀ ਉੱਤੇ ਵਿਵਾਦ, ਪਰਿਵਾਰ ਵੱਲੋ ਕੀਤਾ ਗਿਆ ਸਖ਼ਤ ਵਿਰੋਧ
ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਦੀ ਦੁਨੀਆ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ’ਤੇ ਕਈ ਪਾਸਿਆਂ ਤੋਂ ਚਰਚਾ ਹੋ ਰਹੀ ਹੈ। ਇਸੇ ਦਰਮਿਆਨ ਇਕ ਨਿੱਜੀ ਅਦਾਰੇ ਵੱਲੋਂ ਪਰਿਵਾਰ ਦੀ ਸਹਿਮਤੀ ਦੇ ਬਿਨਾਂ ਉਸ ਦੇ ਕਤਲ ’ਤੇ ਬਣਾਈ ਗਈ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਹੈ।11 ਜੂਨ ਯਾਨੀ ਅੱਜ ਮੁੰਬਈ ’ਚ ਰਿਲੀਜ਼ ਹੋਈ ਇਸ ਡਾਕੂਮੈਂਟਰੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਇਸ ਸਬੰਧੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਸੀ ਕਿ ਇਸ ਸਕਰੀਨਿੰਗ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਨਿੱਜੀ ਚੈਨਲ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦੇ ਬਾਵਜੂਦ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ।ਡਾਕੂਮੈਂਟਰੀ ’ਚ ਸਿੱਧੂ ਮੂਸੇਵਾਲਾ ਦੀਆਂ ਨਿੱਜੀ ਤਸਵੀਰਾਂ, ਉਸ ਦੇ ਕਤਲ ਨਾਲ ਜੁੜੀਆਂ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਇਹ ਸਭ ਕੁਝ ਉਨ੍ਹਾਂ ਜਾਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ। ਬਲਕੌਰ ਸਿੰਘ ਨੇ ਕਿਹਾ ਸੀ ਕਿ ਸਿੱਧੂ ਦੇ ਕਤਲ ਨਾਲ ਜੁੜਿਆ ਟਰਾਇਲ ਅਜੇ ਚੱਲ ਰਿਹਾ ਹੈ। ਅਜਿਹੇ ’ਚ ਕਿਸੇ ਵੀ ਤਰ੍ਹਾਂ ਦੀ ਡਾਕੂਮੈਂਟਰੀ ਜਾਂ ਜਾਣਕਾਰੀ ਦਾ ਜਨਤਕ ਪ੍ਰਸਾਰਣ ਜਾਂ ਸਕਰੀਨਿੰਗ ਕੇਸ ਦੀ ਜਾਂਚ ਤੇ ਟਰਾਇਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਾ ਸਿਰਫ ਪਰਿਵਾਰ ਦੀ ਨਿੱਜਤਾ ਦਾ ਉਲੰਘਣ ਹੈ, ਸਗੋਂ ਕਾਨੂੰਨੀ ਪ੍ਰਕਿਰਿਆ ’ਤੇ ਵੀ ਅਸਰ ਪਾ ਸਕਦੀ ਹੈ।
Post Comment