
ਕਾਂਗਰਸ ਨੂੰ ਲੱਗਿਆ ਵੱਡਾ ਝਟਕਾ: ਆਸ਼ੂ ਦੇ ਕਰੀਬੀ ਸਾਬਕਾ ਕੌਂਸਲਰ ਸੁਨੀਲ ਕਪੂਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
ਹਲਕਾ ਪੱਛਮੀ ਦੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਆਸ਼ੂ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਦੇ ਤਹਿਤ ਆਸ਼ੂ ਦੇ ਨੇੜਲੇ ਸਾਬਕਾ ਕਾਂਗਰਸ ਕੌਂਸਲਰ ਸੁਨੀਲ ਕਪੂਰ ਨੇ ਆਪਣੀ ਟੀਮ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ, ਜਿਨ੍ਹਾਂ ਨੇ ਬਾਕਾਇਦਾ ਅਰਵਿੰਦ ਕੇਜਰੀਵਾਲ ਅਤੇ ਸੀ. ਐੱਮ. ਭਗਵੰਤ ਮਾਨ ਨੇ ਆਪ ਵਿਚ ਸ਼ਾਮਲ ਕੀਤਾ।ਉਨ੍ਹਾਂ ਨਾਲ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਹਲਕਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਵੀ ਮੌਜੂਦ ਸੀ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸੁਨੀਲ ਕਪੂਰ ਪੰਜਾਬ ਕਾਂਗਰਸ ਦੇ ਸੈਕਟਰੀ ਸਮੇਤ ਕਈ ਅਹੁਦਿਆਂ ’ਤੇ ਰਹੇ ਹਨ ਅਤੇ ਸਾਬਕਾ ਕੈਬਨਿਟ ਮੰਤਰੀ ਲਾਲਾ ਸਰਦਾਰੀ ਲਾਲ ਕਪੂਰ ਦੇ ਪੋਤੇ ਹਨ, ਜੋ ਕਿ ਲੁਧਿਆਣਾ ਪੱਛਮੀ ਤੋਂ ਹੀ 3 ਵਾਰ ਵਿਧਾਇਕ ਰਹੇ ਸਨ।ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸੁਨੀਲ ਕਪੂਰ ਦੇ ਪਰਿਵਾਰ ਦਾ ਲੁਧਿਆਣਾ ਦੀ ਰਾਜਨੀਤੀ ’ਚ ਵੱਡਾ ਪ੍ਰਭਾਵ ਅਤੇ ਸਨਮਾਨ ਹੈ। ਇਨ੍ਹਾਂ ਦੇ ‘ਆਪ’ ’ਚ ਸ਼ਾਮਲ ਹੋਣ ਨਾਲ ਨਿਸ਼ਚਿਤ ਤੌਰ ’ਤੇ ਪਾਰਟੀ ਨੂੰ ਬੜ੍ਹਤ ਮਿਲੇਗੀ।ਕੇਜਰੀਵਾਲ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਟਕਸਾਲੀ ਕਾਂਗਰਸ ਛੱਡ ਰਹੇ ਹਨ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਵਾ ਦਾ ਰੁਖ਼ ਕਿਸ ਪਾਸੇ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਹੁਣ ਬੀਤੇ ਜ਼ਮਾਨੇ ਦੀ ਪਾਰਟੀ ਹੋ ਗਈ ਹੈ ਅਤੇ ਲੋਕ ਆਮ ਆਦਮੀ ਪਾਰਟੀ ’ਚ ਆਪਣਾ ਭਵਿੱਖ ਦੇਖ ਰਹੇ ਹਨ।ਹਲਕਾ ਪੱਛਮੀ ਦੇ ਉਪ ਚੋਣ ਦੌਰਾਨ ਸੰਜੀਵ ਅਰੋੜਾ ਦੇ ਸਮਰਥਨ ’ਚ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀ ਮੁਹਿੰਮ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਵਿਚ ਆਸ਼ੂ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਸੁਨੀਲ ਕਪੂਰ ਵੱਲੋਂ ਕਾਂਗਰਸ ਦਾ ਸਾਥ ਛੱਡਣ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਵੱਡੇ ਕਾਂਗਰਸੀ ਨੇਤਾ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ। ਇਸ ਤੋਂ ਪਹਿਲਾਂ ਜਿਸ ਕੌਂਸਲਰ ਸੰਨੀ ਮਾਸਟਰ ਨੂੰ ਆਸ਼ੂ ਵੱਲੋਂ ਸ਼ਾਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਉਹ ਇਕ ਹਫਤੇ ਅੰਦਰ ਆਮ ਆਦਮੀ ਪਾਰਟੀ ’ਚ ਵਾਪਸ ਆ ਗਿਆ ਸੀ।
Post Comment